ਨਗਰ ਨਿਗਮ ਦੀ ਵੈੱਬਸਾਈਟ 'ਤੇ ਆਨ-ਲਾਈਨ ਪੇਮੈਂਟ ਕਰਵਾਉਣ 'ਤੇ ਮਿਲਦੀ ਹੈ 10 ਫੀਸਦੀ ਛੋਟ।।
ਲੁਧਿਆਣਾ, 1 ਅਗਸਤ (ਹਰਜੀਤ ਸਿੰਘ ਖਾਲਸਾ)-ਨਗਰ ਨਿਗਮ, ਲੁਧਿਆਣਾ ਵੱਲੋਂ ਜਨਤਾ ਦੀ ਸਹੂਲਤ ਲਈ ਜਮਾਂ ਕਰਵਾਏ ਜਾਣ ਵਾਲੇ ਟੈਕਸ ਕੈਸ਼ਲੈੱਸ ਜਮਾਂ ਕਰਨ ਲਈ ਐੱਚ.ਡੀ.ਐੱਫ.ਸੀ. ਬੈਂਕ ਤੋਂ ਪ੍ਰਾਪਤ ਪੀ.ਓ.ਐੱਸ. ਮਸ਼ੀਨਾਂ (ਜਿਨਾਂ 'ਤੇ ਏ.ਟੀ.ਐਮ. ਕਾਰਡ/ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਰਾਹੀਂ ਟੈਕਸ ਜਮਾਂ ਹੋਵੇਗਾ) ਰਾਂਹੀਂ ਜਮਾਂ ਕਰਵਾਉਣ ਦੀ ਸੁਵਿਧਾ ਸ਼ੁਰੂ ਕਰਵਾਈ ਗਈ ਹੈ।ਇਸ ਸੁਵਿਧਾ ਨੂੰ ਡਾ. ਪੂਨਮਪ੍ਰੀਤ ਕੌਰ ਜ਼ੋਨਲ ਕਮਿਸ਼ਨਰ, ਜ਼ੋਨ-ਡੀ, ਸ੍ਰ. ਕੁਲਪ੍ਰੀਤ ਸਿੰਘ ਜ਼ੋਨਲ ਕਮਿਸ਼ਨਰ, ਜ਼ੋਨ-ਏ, ਅਮਲਾ ਸੁਪਰਡੈਂਟ, ਜ਼ੋਨਲ ਸੁਪਰਡੈਂਟ ਜ਼ੋਨ-ਏ ਅਤੇ ਚਾਰੇ ਜ਼ੋਨਾਂ ਦੇ ਸੁਵਿਧਾ ਸੈਂਟਰਾਂ ਦੇ ਸੁਪਰਵਾਈਜ਼ਰਾਂ ਦੀ ਹਾਜ਼ਰੀ ਵਿੱਚ ਜ਼ੋਨ-ਏ ਅਤੇ ਜ਼ੋਨ-ਡੀ ਵਿਖੇ ਚਾਲੂ ਕਰ ਦਿੱਤਾ ਗਿਆ।ਇਹ ਮਸ਼ੀਨਾਂ ਸਾਰੇ ਜ਼ੋਨਾਂ ਵਿੱਚ ਉਪਲੱਬਧ ਕਰਵਾ ਦਿੱਤੀਆਂ ਗਈਆਂ ਹਨ ਅਤੇ ਇਸ ਹਫ਼ਤੇ ਦੇ ਅੰਦਰ-ਅੰਦਰ ਮੁਕੰਮਲ ਤੌਰ 'ਤੇ ਚਾਲੂ ਕਰ ਦਿੱਤੀਆਂ ਜਾਣਗੀਆਂ।
ਇਸ ਮੌਕੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਡਾ. ਪੂਨਮ ਪ੍ਰੀਤ ਕੌਰ ਨੇ ਕਿਹਾ ਕਿ ਉਹ ਆਪੋ-ਆਪਣੇ ਪ੍ਰਾਪਰਟੀ ਦੇ ਨਗਰ ਨਿਗਮ, ਲੁਧਿਆਣਾ ਵਿੱਚ ਜਮਾਂ ਕਰਵਾਏ ਜਾਣ ਵਾਲੇ ਟੈਕਸ ਇਨਾਂ ਕੈਸ਼ਲੈੱਸ ਮਸ਼ੀਨਾਂ 'ਤੇ ਏ.ਟੀ.ਐਮ. ਕਾਰਡ/ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਰਾਹੀਂ ਜਮਾਂ ਕਰਵਾਉਣ ਤਾਂ ਜੋ ਉਨਾਂ ਨੂੰ ਕੈਸ਼ ਜਮਾਂ ਕਰਵਾਉਣ 'ਤੇ ਆ ਰਹੀਆਂ ਔਕੜਾਂ ਤੋਂ ਬਚਾਇਆ ਜਾ ਸਕੇ।ਇਸ ਦੇ ਨਾਲ ਹੀ ਕਾਰਡ ਰਾਹੀਂ ਅਤੇ ਨਗਰ ਨਿਗਮ ਦੀ ਵੈੱਬਸਾਈਟ 'ਤੇ ਆਨ-ਲਾਈਨ ਪੇਮੈਂਟ ਕਰਵਾਉਣ 'ਤੇ 10 ਪ੍ਰਤੀਸ਼ਤ ਦੀ ਛੋਟ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।ਇਸ ਤੋਂ ਇਲਾਵਾ ਨਗਰ ਨਿਗਮ, ਲੁਧਿਆਣਾ ਵੱਲੋਂ ਚਲਾਈ ਜਾ ਰਹੀ ਸਿਟੀ ਬੱਸ ਸਰਵਿਸ ਲਈ ਲੋਕਾਂ ਨੂੰ ਸ੍ਰ. ਕਰਨਵੀਰ ਸਿੰਘ, ਆਈ.ਟੀ. ਅਫਸਰ (ਮੋਬਾਈਲ ਨੰਬਰ 8427464301) ਵੱਲੋਂ ਬੱਸ ਸਟੈਂਡ ਵਾਲੇ ਦਫ਼ਤਰ ਵਿਖੇ ਕੈਸ਼ਲੈੱਸ ਸਮਾਰਟ ਕਾਰਡ ਵੀ ਜਾਰੀ ਕੀਤੇ ਜਾਂਦੇ ਹਨ।
