ਵਿਰਸੇ ਨਾਲ ਨੌਜਵਾਨ ਪੀੜ੍ਹੀ ਨੂੰ ਜੋੜਕੇ ਰੱਖਣਾ ਸਲਾਘਾਯੋਗ- ਐਡਵੋਕੇਟ ਲਾਇਲਪੁਰੀ
ਵਿਰਾਸਤ-ਏ-ਪੰਜਾਬ ਵੱਲੋਂ ਭੰਗੜਾ-ਗਿੱਧਾ ਸਿਖਲਾਈ ਕੈਂਪ ਸੰਪੰਨ
ਲੁਧਿਆਣਾ-06-ਜੁਲਾਈ(ਨਾਗੀ) ਪੰਜਾਬੀ ਸੱਭਿਆਚਾਰ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਅਤੇ ਵਿਰਸੇ ਨਾਲ ਜੋੜਨ ਦੇ ਉਦੇਸ਼ ਨਾਲ ਵਿਰਾਸਤ-ਏ-ਪੰਜਾਬ ਸੱਭਿਆਚਾਰਕ ਸੱਥ ਵੱਲੋਂ ਪੰਜਾਬ ਟ੍ਰੇਡ ਸੈਂਟਰ, ਮਿਲਰਗੰਜ ਵਿਖੇ ਇੱਕ ਮੁਫ਼ਤ ਭੰਗੜਾ ਅਤੇ ਗਿੱਧਾ ਸਿਖਲਾਈ ਕੈਂਪ ਇੰਦਰਪ੍ਰੀਤ ਸਿੰਘ ਟਿਵਾਣਾ ਦੀ ਦੇਖ-ਰੇਖ ਹੇਠ ਆਯੋਜਿਤ ਕੀਤਾ ਗਿਆ। ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਬੱਚਿਆਂ ਅਤੇ ਵੱਡਿਆਂ ਨੇ ਉਤਸ਼ਾਹ ਨਾਲ ਭਾਗ ਲਿਆ ਜਿਨ੍ਹਾਂ ਨੂੰ ਪੰਜਾਬੀ ਲੋਕ-ਨਾਚ ਦੀਆਂ ਰਚਨਾਤਮਕ ਝਲਕੀਆਂ ਸਿੱਖਣ ਦਾ ਮੌਕਾ ਮਿਲਿਆ। ਅੱਜ ਕੈਂਪ ਦੀ ਸਮਾਪਤੀ ਮੌਕੇ ਵਿਸ਼ੇਸ਼ ਤੌਰ 'ਤੇ ਉੱਘੇ ਉਦਯੋਗਪਤੀ ਅਤੇ ਗੁਰਦੁਆਰਾ ਸ਼ਹੀਦਾਂ ਫੇਰੂਮਾਨ ਢੋਲੇਵਾਲ ਚੌਂਕ ਦੇ ਮੁੱਖ ਸੇਵਾਦਾਰ ਐਡਵੋਕੇਟ ਬਲਵਿੰਦਰ ਸਿੰਘ ਲਾਇਲਪੁਰੀ ਪਹੁੰਚੇ। ਲਾਇਲਪੁਰੀ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ, ਇਹੋ ਜਿਹੀਆਂ ਪਹਿਲਕਦਮੀਆਂ ਹੀ ਸਾਡੀ ਰਵਾਇਤੀ ਸੱਭਿਆਚਾਰ ਨੂੰ ਜਿਉਂਦਾ ਰੱਖਣ ਵਿੱਚ ਮਦਦਗਾਰ ਸਾਬਤ ਹੁੰਦੀਆਂ ਹਨ। ਸਾਡਾ ਵਿਰਸਾ ਸਾਡੀ ਪਹਚਾਣ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਇਸ ਨਾਲ ਜੋੜਨਾ ਵਕਤ ਦੀ ਲੋੜ ਹੈ। ਉਨ੍ਹਾਂ ਸੱਥ ਦੇ ਸਾਰੇ ਆਹੁਦੇਦਾਰਾਂ, ਕੋਚ ਸਹਿਬਾਨਾਂ ਅਤੇ ਇੰਦਰਪ੍ਰੀਤ ਸਿੰਘ ਟਿਵਾਣਾ ਅਤੇ ਸਮੂੱਚੀ ਟੀਮ ਦਾ ਧੰਨਵਾਦ ਕਰਦਿਆਂ ਆਸ ਜਤਾਈ ਕਿ ਇਹ ਯਤਨ ਅੱਗੇ ਵੀ ਜਾਰੀ ਰਹਿਣਗੇ। ਸਮਾਪਤੀ ਸਮਾਰੋਹ ਦੌਰਾਨ ਬੱਚਿਆਂ ਨੇ ਭੰਗੜਾ ਅਤੇ ਗਿੱਧੇ ਦੀਆਂ ਸ਼ਾਨਦਾਰ ਪ੍ਰਸਤੁਤੀਆਂ ਨਾਲ ਸਾਰਿਆਂ ਦਾ ਮਨ ਮੋਹ ਲਿਆ। ਟਿਵਾਣਾ ਅਤੇ ਸਮੁੱਚੀ ਟੀਮ ਵੱਲੋਂ ਐਡਵੋਕੇਟ ਲਾਇਲਪੁਰੀ ਦਾ ਸਨਮਾਨ ਕਰਨ ਉਪਰੰਤ ਕਿਹਾ ਕਿ ਇਹ ਕੈਂਪ ਨਾਂ ਕੇਵਲ ਸਿੱਖਿਆਤਮਕ ਰਿਹਾ, ਸਗੋਂ ਇਸ ਨੇ ਬੱਚਿਆਂ ਦੇ ਮਨੋਬਲ ਅਤੇ ਵਿਸ਼ਵਾਸ ਨੂੰ ਹੋਰ ਨਵਾਂ ਉਤਸ਼ਾਹ ਦਿੱਤਾ।
