ਕਾਂਗਰਸ ਪਾਰਟੀ ਵੱਲੋਂ ਜਗਵੀਰ ਸਿੰਘ ਵਾਰਡ ਨੰਬਰ 45 ਤੋਂ ਪ੍ਰਧਾਨ ਨਿਯੁਕਤ
ਲੁਧਿਆਣਾ-20-ਜੁਲਾਈ ( ਖਾਲਸਾ) ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਬਲਾਕ ਕਾਂਗਰਸ ਪ੍ਰਧਾਨ ਹਰਵਿੰਦਰ ਸਿੰਘ ਕਲੇਰ ਵੱਲੋਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਜਗਵੀਰ ਸਿੰਘ ਨੂੰ ਵਾਰਡ ਨੰਬਰ 45 ਤੋਂ ਪ੍ਰਧਾਨ ਨਿਯੁਕਤ ਕਰਦੇ ਹੋਏ ਨਿਯੁਕਤੀ ਪੱਤਰ ਦਿੱਤਾ ਗਿਆ। ਇਸ ਮੌਕੇ ਤੇ ਸਾਬਕਾ ਵਿਧਾਇਕ ਸ. ਸਿਮਰਜੀਤ ਸਿੰਘ ਬੈਂਸ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਸਰਦਾਰ ਬੈਂਸ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਪੱਖ ਤੋਂ ਫੇਲ ਨਜ਼ਰ ਆ ਰਹੀ ਹੈ। ਨਾ ਤਾਂ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਕਾਬੂ ਵਿੱਚ ਹੈ ਅਤੇ ਨਾ ਹੀ ਆਰਥਿਕ ਤੌਰ ਤੇ ਇਹ ਸਰਕਾਰ ਸੂਬੇ ਨੂੰ ਸੰਭਾਲ ਰਹੀ ਹੈ। ਇਸ ਦੇ ਨਾਲ ਹੀ ਪ੍ਰੋਪਰਟੀ ਟੈਕਸ ਵਿੱਚ 5 ਪ੍ਰਤੀਸ਼ਤ ਵਾਧਾ ਕਰਨਾ ਅਤੇ 40 ਸ਼ਹਿਰਾਂ ਦੇ ਸਰਵੇ ਵਿੱਚੋਂ ਮਹਾਨਗਰ ਲੁਧਿਆਣਾ ਦਾ 39ਵੇਂ ਨੰਬਰ ਤੇ ਆਉਣਾ ਸ਼ਰਮਨਾਕ ਗੱਲ ਹੈ। ਸ. ਬੈਂਸ ਨੇ ਕਿਹਾ ਕਿ ਪੰਜਾਬ ਵਿੱਚ ਦਿਨ ਬ ਦਿਨ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ, ਦਿਨ ਦਿਹਾੜੇ ਲੁੱਟਾਂ ਖੋਹਾਂ ਅਤੇ ਕਤਲ ਹੋ ਰਹੇ ਹਨ, ਚੌਕੀਆਂ ਥਾਣਿਆਂ ਤੇ ਗਰਨੇਡ ਹਮਲੇ ਹੋ ਰਹੇ ਹਨ, ਗੈਂਗਸਟਰਾਂ ਦੀਆਂ ਧਮਕੀਆਂ ਉਦਯੋਗਪਤੀਆਂ ਅਤੇ ਵਪਾਰੀਆਂ ਨੂੰ ਆ ਰਹੀਆਂ ਹਨ, ਜਿਸ ਕਾਰਨ ਪੰਜਾਬ ਦਾ ਉਦਯੋਗ ਅਤੇ ਵਪਾਰ ਦੂਜੇ ਸੂਬਿਆਂ ਵਿੱਚ ਪਲਾਇਨ ਕਰਦਾ ਜਾ ਰਿਹਾ ਹੈ। ਪੰਜਾਬ ਸਰਕਾਰ ਦੀ ਆਰਥਿਕ ਸਥਿਤੀ ਇੰਨੀ ਕੁ ਮਾੜੀ ਹੋ ਚੁੱਕੀ ਹੈ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ ਕਰਜੇ ਦਾ ਵਿਆਜ ਦੇਣ ਲਈ ਵੀ ਕਰਜ਼ਾ ਲੈਣਾ ਪੈ ਰਿਹਾ ਹੈ। ਪੰਜਾਬ ਸਰਕਾਰ ਨੇ ਪਿਛਲੇ ਲਗਭਗ ਸਾਢੇ ਤਿੰਨ ਸਾਲਾਂ ਵਿੱਚ 100 ਲੱਖ ਕਰੋੜ ਤੋਂ ਵੱਧ ਕਰਜ਼ਾ ਲੈ ਲਿਆ ਹੈ। ਜੇਕਰ ਇਹੀ ਹਾਲ ਰਿਹਾ ਤਾਂ ਪੰਜਾਬ ਵਿੱਚ ਆਰਥਿਕ ਐਮਰਜੈਂਸੀ ਲੱਗ ਜਾਵੇਗੀ। ਉਹਨਾਂ ਕਿਹਾ ਕਿ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ 2027 ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣਾ ਅਤੀ ਜਰੂਰੀ ਹੈ। ਇਸ ਮੌਕੇ ਤੇ ਬਲਾਕ ਪ੍ਰਧਾਨ ਸ. ਹਰਵਿੰਦਰ ਸਿੰਘ ਕਲੇਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਅਗਵਾਈ ਹੇਠ ਕਾਂਗਰਸ ਪਾਰਟੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰ ਰਹੀ ਹੈ। ਜਿਲਾ ਪੱਧਰ ਤੋਂ ਲੈ ਕੇ ਵਾਰਡ ਪੱਧਰ ਤੱਕ ਕਾਂਗਰਸ ਪਾਰਟੀ ਦੀਆਂ ਨੀਤੀਆਂ ਅਤੇ ਮੌਜੂਦਾ ਸਰਕਾਰ ਦੀਆਂ ਨਲਾਇਕੀਆਂ ਨੂੰ ਘਰ ਘਰ ਪਹੁੰਚਾਉਣ ਲਈ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ। ਉਨਾਂ ਹੋਰ ਕਿਹਾ ਕਿ ਸ. ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਹੇਠ ਹਲਕਾ ਆਤਮ ਨਗਰ ਵਿੱਚ ਇਕੱਲੇ ਇਕੱਲੇ ਵਾਰਡ ਵਿੱਚ ਵਾਰਡ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ ਤਾਂ ਜੋ 2027 ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਸ਼ਾਨ ਨਾਲ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਿਆ ਜਾ ਸਕੇ ਜੋ ਕਿ ਮੌਜੂਦਾ ਲੋਟੂ ਸਰਕਾਰ ਨੂੰ ਚਲਦਾ ਕਰਦੇ ਹੋਏ ਪੰਜਾਬ ਨੂੰ ਮੁੜ ਵਿਕਾਸ ਦੀਆਂ ਲੀਹਾਂ ਤੇ ਤੌਰ ਸਕੇ। ਇਸ ਮੌਕੇ ਤੇ ਨਵ ਨਿਯੁਕਤ ਵਾਰਡ ਪ੍ਰਧਾਨ ਜਗਵੀਰ ਸਿੰਘ ਨੇ ਕਾਂਗਰਸ ਹਾਈ ਕਮਾਂਡ ਵਿਸ਼ੇਸ਼ ਤੌਰ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਬਲਾਕ ਕਾਂਗਰਸ ਪ੍ਰਧਾਨ ਹਰਵਿੰਦਰ ਸਿੰਘ ਕਲੇਰ ਦਾ ਧੰਨਵਾਦ ਕਰਦੇ ਹੋਏ ਵਿਸ਼ਵਾਸ ਦਵਾਇਆ ਕਿ ਜੋ ਜਿੰਮੇਵਾਰੀ ਉਹਨਾਂ ਨੂੰ ਦਿੱਤੀ ਗਈ ਹੈ, ਉਸ ਨੂੰ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਤੇ ਅਤਿੰਦਰ ਕੈਪਟਨ ਨੂੰ ਵਾਰਡ ਤੋਂ ਯੂਥ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਉਕਤ ਆਗੂਆਂ ਤੋਂ ਇਲਾਵਾ ਕੌਂਸਲਰ ਸਵਰਨਦੀਪ ਸਿੰਘ ਚਾਹਲ, ਹਰਜੀਤ ਸਿੰਘ ਮਸੌਣ, ਦੀਪਕ ਮੈਨਰੋ,ਹਰਮਿੰਦਰ ਸਿੰਘ ਹੀਰਾ, ਜਗਦੀਪ ਸਿੰਘ, ਮੁਕੇਸ਼ ਅਵਸਥੀ, ਬਬਲੂ, ਗੁਰਪ੍ਰੀਤ ਸਿੰਘ, ਹਿਮਾਂਸ਼ੂ, ਕ੍ਰਿਸ਼ਨ ਕੁਮਾਰ, ਮਨਜੀਤ ਸਿੰਘ, ਪਰਮਿੰਦਰ ਸਿੰਘ, ਸਨੀ, ਵਿਜੇ ਕੁਮਾਰ, ਗੁਰਬਚਨ ਸ਼ੌਂਕੀ, ਐਡਵੋਕੇਟ ਹਰਪਿੰਦਰ ਸਿੰਘ, ਸੁਖਬੀਰ ਸਿੰਘ ਮਠਾੜੂ ਆਦਿ ਹਾਜ਼ਰ ਸਨ।
