'ਮਿਸ਼ਨ ਤੰਦਰੁਸਤ ਪੰਜਾਬ'' ਤਹਿਤ ਆਯੋਜਿਤ ਮੀਟਿੰਗ ਦੌਰਾਨ ਵੱਖ-ਵੱਖ ਵਿਭਾਗਾਂ ਦੀ ਕਾਰਗੁਜਾਰੀ ਦੀ ਕੀਤੀ ਸਮੀਖਿਆ।।
ਮੀਟਿੰਗ 'ਚ ਹਾਜ਼ਰ ਨਾ ਹੋਣ ਵਾਲੇ ਵਿਭਾਗਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣਗੇ-ਡਿਪਟੀ ਕਮਿਸ਼ਨਰ।
ਲੁਧਿਆਣਾ, 31 ਜੁਲਾਈ (ਹਰਜੀਤ ਸਿੰਘ ਖਾਲਸਾ)-ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਜ਼ਿਲਾ ਲੁਧਿਆਣਾ ਦੇ ਲੋਕਾਂ ਨੂੰ ਸਾਫ਼ ਸੁਥਰੀਆਂ ਅਤੇ ਰਸਾਇਣ ਰਹਿਤ ਖਾਣ-ਪੀਣ ਦੀਆਂ ਵਸਤੂਆਂ, ਸ਼ੁੱਧ ਵਾਤਾਵਰਣ ਅਤੇ ਮਿਲਾਵਟਖੋਰੀ ਨੂੰ ਖਤਮ ਕਰਨ ਲਈ ਅੱਜ ਇੱਥੇ ਮਿੰਨੀ ਸਕੱਤਰੇਤ ਵਿਖੇ ਮੀਟਿੰਗ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਦੀ ਅਗਵਾਈ ਵਿੱਚ ਕੀਤੀ ਗਈ।ਮੀਟਿੰਗ ਦੌਰਾਨ ਸਮੂਹ ਵਿਭਾਗਾਂ ਦੀ ਸਮੀਖਿਆ ਦਾ ਜਾਇਜ਼ਾ ਲੈਦਿਆਂ ਡਿਪਟੀ ਕਮਿਸ਼ਨਰ ਨੇ ਟਰਾਂਸਪੋਰਟ ਵਿਭਾਗ ਨੂੰ ਹਦਾਇਤ ਕੀਤੀ ਕਿ ਅਵਾਜ਼ ਪ੍ਰਦੁਸ਼ਣ 'ਤੇ ਪੂਰੀ ਰੋਕ ਲਗਾਉਣ ਲਈ ਗੱਡੀਆਂ ਵਿੱਚ ਲਗਾਏ ਹੋਏ ਪ੍ਰੈਸ਼ਰ ਹਾਰਨ ਦੀ ਸਖ਼ਤੀ ਨਾਲ ਜਾਂਚ ਕੀਤੀ ਜਾਵੇ ਅਤੇ ਉਹਨਾਂ ਦੇ ਉੱਚੀ ਅਵਾਜ਼ ਵਾਲੇ ਹਾਰਨ ਉਤਾਰੇ ਜਾਣ ਅਤੇ ਚਲਾਨ ਵੀ ਕੀਤੇ ਜਾਣ। ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਜ਼ਿਲੇ ਵਿੱਚ ਜੁਲਾਈ-2018 ਤੱਕ 3 ਲੱਖ 5 ਹਜ਼ਾਰ 669 ਬੂਟਿਆਂ ਦੀ ਵੰਡ ਕੀਤੀ ਜਾ ਚੁੱਕੀ ਹੈ। ਉਹਨਾਂ ਦੱਸਿਆ ਕਿ ਵਿਭਾਗ ਵੱਲੋਂ 3 ਲੱਖ 50 ਹਜ਼ਾਰ ਪੌਦੇ ਲਗਾਉਣ ਦਾ ਟੀਚਾ ਰੱਖਿਆ ਗਿਆ ਸੀ, ਜਿਸ ਨੂੰ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ। ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਕਿ 'ਆਈ ਹਰਿਆਲੀ' ਐਪ ਰਾਹੀਂ ਬੂਟਿਆਂ ਦੀ ਮੰਗ ਕੀਤੀ ਜਾ ਸਕਦੀ ਹੈ, ਤਾਂ ਜੋ ਜ਼ਿਲੇ ਨੂੰ ਪੂਰੀ ਤਰਾ ਹਰਾ-ਭਰਾ ਬਣਾਇਆ ਜਾ ਸਕੇ।
ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਪੀਣ ਵਾਲੇ ਪਾਣੀ, ਸਾਫਟ ਡਰਿੰਕ, ਖਾਦ ਪਦਾਰਥਾਂ, ਫਲਾ ਸਬਜ਼ੀਆਂ ਆਦਿ ਦੇ ਸੈਂਪਲ ਭਰੇ ਜਾ ਰਹੇ ਹਨ। ਹਰ ਸ਼ੁੱਕਰਵਾਰ ਡਰਾਈ ਡੇਅ ਦੇ ਤੌਰ 'ਤੇ ਮਨਾਇਆ ਜਾਂਦਾ ਹੈ ਅਤੇ ਪਾਣੀ ਦੇ ਕੰਟੇਨਰਾਂ, ਕੂਲਰਾਂ, ਪੁਰਾਣੇ ਟਾਇਰਾਂ, ਗਮਲਿਆਂ, ਟੁੱਟੇ ਬਰਤਨਾਂ ਆਦਿ ਦੀ ਚੈਕਿੰਗ ਕੀਤੀ ਗਈ ਅਤੇ ਲਾਰਵੇ ਦੇ ਸੈਂਪਲ ਭਰੇ ਗਏ ਅਤੇ ਐਂਟੀ ਲਾਰਵਾ ਸਪਰੇਅ ਕਰਕੇ ਲਾਰਵਾ ਨਸ਼ਟ ਕੀਤਾ ਗਿਆ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਜ਼ਿਲੇ ਦੇ ਵੱਖ-ਵੱਖ ਪਿੰਡਾਂ ਵਿੱਚ ਕੈਂਪ ਲਗਾਏ ਜਾ ਰਹੇ ਹਨ ਅਤੇ ਕਿਸਾਨਾਂ ਨੂੰ ਨਦੀਨ ਨਾਸ਼ਕਾਂ ਅਤੇ ਖਾਦਾਂ ਦੀ ਵਰਤੋਂ ਖੇਤੀ ਮਾਹਿਰਾਂ ਦੀਆਂ ਸ਼ਿਫਾਰਸ਼ਾ ਅਨੁਸਾਰ ਕਰਨ ਪ੍ਰਤੀ ਜਾਗਰੂਕ ਕੀਤਾ ਗਿਆ। ਉਹਨਾਂ ਦੱਸਿਆ ਕਿ ਜਾਗਰੂਕ ਕੈਪਾਂ ਦੌਰਾਨ ਕਿਸਾਨਾਂ ਨੂੰ ਕਣਕ ਅਤੇ ਝੋਨੇ ਦਾ ਨਾੜ ਨਾ ਸਾੜਨ ਦੇ ਲਾਭਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਜਗਰਾਂਓ ਬਲਾਕ ਦੇ ਖਾਦ ਅਤੇ ਕੀਟਨਾਸ਼ਕ ਦਵਾਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਅਤੇ ਸੈਂਪਲ ਭਰੇ ਗਏ ਤਾਂ ਜੋ ਕਿਸਾਨਾਂ ਨੂੰ ਮਿਆਰੀ ਤੇ ਵਧੀਆ ਕੁਆਲਟੀ ਦੇ ਬੀਜ ਤੇ ਦਵਾਈਆਂ ਮੁਹੱਈਆ ਕਰਵਾਈਆਂ ਜਾ ਸਕਣ। ਡਿਪਟੀ ਕਮਿਸ਼ਨਰ ਵੱਲੋਂ ਮੀਟਿੰਗ ਵਿੱਚ ਗੈਰ-ਹਾਜ਼ਰ ਕੁਝ ਵਿਭਾਗਾਂ ਦੇ ਅਧਿਕਾਰੀਆਂ ਦਾ ਗੰਭੀਰ ਨੋਟਿਸ ਲਿਆ ਗਿਆ ਅਤੇ ਵਧੀਕ ਡਿਪਟੀ ਕਮਿਸ਼ਨਰ (ਵ) ਡਾ. ਸ਼ੇਨਾ ਅਗਰਵਾਲ ਨੂੰ ਗੈਰ ਹਾਜ਼ਰ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਆਦੇਸ਼ ਦਿੱਤੇ।
ਉਹਨਾਂ ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਖੰਨਾ ਸ੍ਰੀ ਅਜੇ ਸੂਦ, ਵਧੀਕ ਡਿਪਟੀ ਕਮਿਸ਼ਨਰ (ਵ) ਡਾ. ਸ਼ੇਨਾ ਅਗਰਵਾਲ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
