ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸੂਬੇ 'ਚ ਲਗਾਏ ਜਾਣਗੇ 2 ਕਰੋੜ ਪੌਦੇ-ਜੰਗਲਾਤ
ਸਮਰਾਲਾ, 31 ਜੁਲਾਈ (ਹਰਜੀਤ ਸਿੰਘ ਖਾਲਸਾ)-ਪੰਜਾਬ ਦੇ ਜੰਗਲਾਤ ਮੰਤਰੀ ਸ੍ਰ. ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਜੰਗਲਾਤ ਵਿਭਾਗ ਵੱਲੋਂ ਸੂਬੇ ਦੇ ਵੱਖ-ਵੱਖ ਖੇਤਰਾਂ ਵਿੱਚ 2 ਕਰੋੜ ਪੌਦੇ ਲਗਾਏ ਜਾਣਗੇ। ਇਸ ਕੰਮ ਵਿੱਚ ਸਹਾਇਤਾ ਲੈਣ ਲਈ ਹੋਰ ਵਿਭਾਗਾਂ ਨੂੰ ਵੀ ਨਾਲ ਲਿਆ ਜਾ ਰਿਹਾ ਹੈ, ਤਾਂ ਜੋ ਸੂਬੇ ਵਿੱਚ ਹਰਿਆਵਲ ਦਾ ਵਾਧਾ ਕੀਤਾ ਜਾ ਸਕੇ। ਉਹ ਅੱਜ ਇਥੇ ਯੂਥ ਕਾਂਗਰਸ ਆਗੂ ਸ੍ਰ. ਕਰਨਵੀਰ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਰੱਖੇ ਵਣ ਮਹਾਂਉਤਸਵ ਸਮਾਗਮ ਨੂੰ ਸੰਬੋਧਨ ਕਰਨ ਪਹੁੰਚੇ ਸਨ। ਪੌਦਾ ਲਗਾਉਣ ਤੋਂ ਬਾਅਦ ਸੰਬੋਧਨ ਕਰਦਿਆਂ ਸ੍ਰ. ਧਰਮਸੋਤ ਨੇ ਕਿਹਾ ਕਿ ਵਿਭਾਗ ਵੱਲੋਂ ਇਹ 2 ਕਰੋੜ ਪੌਦੇ ਲੋਕ ਨਿਰਮਾਣ ਵਿਭਾਗ ਦੀ ਜ਼ਮੀਨ 'ਤੇ ਵੱਖ-ਵੱਖ ਗੈਰ ਸਰਕਾਰੀ ਸੰਸਥਾਵਾਂ, ਸਕੂਲਾਂ, ਹੋਰ ਵਿਦਿਅਕ ਅਦਾਰਿਆਂ, ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਦੇ ਸਹਿਯੋਗ ਨਾਲ ਲਗਵਾਏ ਜਾਣਗੇ। ਉਨਾਂ ਵੱਖ-ਵੱਖ ਸੰਸਥਾਵਾਂ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਣ ਨੂੰ ਬਚਾਉਣ ਲਈ ਅੱਗੇ ਆਉਣ। ਉਨਾਂ ਕਿਹਾ ਕਿ ਲੋਕ ਪੌਦੇ ਲਗਾਉਣ ਦੇ ਨਾਲ-ਨਾਲ ਇਨਾਂ ਨੂੰ ਸੰਭਾਲਣ 'ਤੇ ਜ਼ੋਰ ਦੇਣ ਤਾਂ ਜੋ ਪੰਜਾਬ ਨੂੰ ਹਰਾ-ਭਰਾ ਕੀਤਾ ਜਾ ਸਕੇ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਹਰਿਆਵਲ ਵਧਾਉਣ ਦੇ ਮਕਸਦ ਨਾਲ 'ਆਈ-ਹਰਿਆਲੀ' ਮੋਬਾਈਲ ਐਪਲੀਕੇਸ਼ਨ ਲਾਂਚ ਕੀਤੀ ਗਈ ਹੈ, ਜਿਸ ਨੂੰ ਆਮ ਲੋਕਾਂ ਵੱਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ। 'ਘਰ-ਘਰ ਹਰਿਆਲੀ' ਯੋਜਨਾ ਅਧੀਨ ਹਰੇਕ ਵਿਅਕਤੀ ਨੂੰ ਮੁਫ਼ਤ ਪੌਦੇ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਐਪ ਰਾਹੀਂ ਲੋਕ ਘਰ ਬੈਠੇ ਹੀ ਪੌਦਿਆਂ ਦਾ ਆਰਡਰ ਦੇ ਸਕਦੇ ਹਨ, ਜੋ ਕਿ ਵਿਭਾਗ ਵੱਲੋਂ ਬਿਲਕੁਲ ਮੁਫ਼ਤ ਮੁਹੱਈਆ ਕਰਵਾਏ ਜਾਂਦੇ ਹਨ। ਹੁਣ ਤੱਕ ਲੱਖਾਂ ਪੌਦੇ ਇਸ ਐਪ ਰਾਹੀਂ ਲੋਕਾਂ ਨੂੰ ਦਿੱਤੇ ਜਾ ਚੁੱਕੇ ਹਨ। ਇਹ ਐਪ ਲੰਘੀ 5 ਜੂਨ ਨੂੰ ਸ਼ੁਰੂ ਕੀਤਾ ਗਿਆ ਸੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲਾ ਪੁਲਿਸ ਮੁੱਖੀ ਖੰਨਾ ਸ੍ਰੀ ਧਰੁਵ ਦਹਿਆ, ਸੀਨੀਅਰ ਕਾਂਗਰਸੀ ਆਗੂ ਸ੍ਰ. ਕੰਵਲਜੀਤ ਸਿੰਘ ਢਿੱਲੋਂ, ਪੰਜਾਬ ਯੂਥ ਕਾਂਗਰਸ ਪ੍ਰਧਾਨ ਸ੍ਰ. ਅਮਰਪ੍ਰੀਤ ਸਿੰਘ ਲਾਲੀ, ਸ੍ਰੀ ਕਸਤੂਰੀ ਲਾਲ ਮਿੰਟੂ, ਸ੍ਰੀ ਸੋਹਣ ਲਾਲ ਸ਼ੇਰਪੁਰ, ਸ੍ਰੀ ਸੁਰਿੰਦਰ ਕੁੰਦਰਾ ਅਤੇ ਹੋਰ ਹਾਜ਼ਰ ਸਨ।
