ਭਗਵਿੰਦਰ ਪਾਲ ਗੋਲਡੀ 'ਟ੍ਰੈਫਿਕ ਐਂਡ ਰੋਡ ਸੇਫਟੀ ਫਾਉਂਡੇਸ਼ਨ' ਦੇ ਸਟੇਟ ਪ੍ਰਧਾਨ ਨਿਯੁਕਤ।।
ਲੁਧਿਆਣਾ, 30 ਜੁਲਾਈ (ਹਰਜੀਤ ਸਿੰਘ ਖਾਲਸਾ)
ਸੇਵਾ, ਸੁਰੱਖਿਆ, ਸਹਿਯੋਗ ਅਤੇ ਟ੍ਰੈਫਿਕ ਨਿਯਮਾਂ ਦਾ ਪਾਲਨ ਕਰਨ ਦੇ ਨਾਲ ਨਾਲ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਕਾਰਣ ਦੇਸ਼ ਭਰ ਵਿੱਚ ਹੋ ਰਹੀਆਂ ਦੁਰਘਟਨਾਵਾਂ ਨੂੰ ਰੋਕਣ ਲਈ ਬਣਾਈ ਗਈ ਸੰਸਥਾ 'ਟ੍ਰੈਫਿਕ ਐਂਡ ਰੋਡ ਸੇਫਟੀ ਫਾਉਂਡੇਸ਼ਨ' ਦੇ ਸਮੂਹ ਅਧਿਕਾਰੀਆਂ ਵਲੋਂ ਲੁਧਿਆਣਾ ਦੇ ਸਮਾਜ ਸੇਵਕ ਅਤੇ ਵੱਖ ਵੱਖ ਸੰਗਠਨਾਂ ਦੇ ਨਾਲ ਨਿਸ਼ਕਾਮ ਭਾਵਨਾ ਨਾਲ ਕੰਮ ਕਰਨ ਵਾਲੇ ਨੌਜਵਾਨ ਆਗੂ ਭਗਵਿੰਦਰ ਪਾਲ ਸਿੰਘ ਗੋਲਡੀ ਨੂੰ ਸੂਬੇ ਦੀ ਕਮਾਨ ਸੌਂਪੀ ਹੈ। ਜਿਸ ਸਬੰਧੀ ਲੁਧਿਆਣਾ ਦੇ ਇੱਕ ਨਿੱਜੀ ਹੋਟਲ ਵਿੱਚ ਵਿਸ਼ੇਸ਼ ਤੌਰ ਤੇ ਸਮਾਗਮ ਕਰਵਾਇਆ ਗਿਆ।ਸਮਾਗਮ ਦੌਰਾਨ ਸੰਸਥਾ ਦੇ ਰਾਸ਼ਟਰੀ ਚੇਅਰਮੈਨ ਸੰਜੀਵ ਸ਼ਰਮਾ, ਰਾਸ਼ਟਰੀ ਸਕੱਤਰ ਉਮੇਸ਼ ਸ਼ਰਮਾ, ਰਾਸ਼ਟਰੀ ਪ੍ਰਧਾਨ ਵਿਕਾਸ ਸ਼ਰਮਾ, ਰਾਸ਼ਟਰੀ ਸੰਯੋਜਕ ਇਰਫਾਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਸਮੂਹ ਅਧਿਕਾਰੀਆਂ ਨੇ ਗੋਲਡੀ ਨੂੰ ਨਿਯੁਕਤੀ ਪੱਤਰ ਦਿੰਦੇ ਹੋਏ ਸੰਸਥਾ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸੌਂਹ ਚੁਕਾਈ।ਇਸ ਮੌਕੇ ਤੇ ਸੰਬੋਧਨ ਕਰਦਿਆਂ ਨਵ-ਨਿਯੁਕਤ ਸੂਬਾ ਪ੍ਰਧਾਨ ਗੋਲਡੀ ਨੇ ਸਮੂਹ ਅਧਿਕਾਰੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਅੱਜ ਦੇਸ਼ ਭਰ ਵਿੱਚ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਕਾਰਣ ਰੋਜ਼ਾਨਾ ਹਰ ਮਿੰਟ ਬਾਅਦ ਦੁਰਘਟਨਾਵਾਂ ਹੋ ਰਹੀਆਂ ਹਨ ਅਤੇ ਕਈ ਮਾਵਾਂ ਦੇ ਪੁੱਤ, ਮਹਿਲਾਵਾਂ ਦੇ ਸੁਹਾਗ ਅਤੇ ਕਈ ਭੈਣਾ ਦੇ ਵੀਰ ਕਈ ਵਾਰ ਅਣਸੁਖਾਵੀਂ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ। ਗੋਲਡੀ ਨੇ ਕਿਹਾ ਕਿ ਅਜਿਹਾ ਨਹੀਂ ਹੈ ਕਿ ਇਹਨ੍ਹਾਂ ਤੋਂ ਬੱਚਿਆ ਨਹੀਂ ਜਾ ਸਕਦਾ, ਇਨ੍ਹਾਂ ਤੋਂ ਤਾਂ ਹੀ ਬੱਚਿਆ ਜਾ ਸਕਦਾ ਹੈ ਜਦੋਂ ਸਾਡੇ ਦੇਸ਼ ਵਿੱਚ ਹਰ ਵਿਅਕਤੀ ਨੂੰ ਟ੍ਰੈਫਿਕ ਸਬੰਧੀ ਪੂਰੀ ਜਾਣਕਾਰੀ ਹੋਵੇਗੀ ਤੇ ਇਹ ਕੰਮ ਸਕੂਲ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਜਾਗਰੂਕ ਕਰਦਿਆਂ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਮੂਹ ਸੀਨੀਅਰ ਅਧਿਕਾਰੀਆਂ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਇਹ ਮਾਣ ਬਖਸ਼ਿਆ ਹੈ ਅਤੇ ਉਹ ਪੂਰੀ ਤਨਦੇਹੀ ਨਾਲ ਦਿੱਤੀ ਗਈ ਜਿੰਮੇਵਾਰੀ ਨੂੰ ਨਿਭਾਉਣਗੇ।
ਇਸ ਮੌਕੇ ਤੇ ਰਾਸ਼ਟਰੀ ਪ੍ਰਧਾਨ ਵਿਕਾਸ ਸ਼ਰਮਾ ਨੇ ਦੱਸਿਆ ਕਿ ਜਿੱਥੇ ਅੱਜ ਹਰ ਵਿਅਕਤੀ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਉੱਥੇ ਦੁਰਘਟਨਾ ਹੋਣ ਵੇਲੇ ਆਉਣ ਵਾਲੀਆਂ ਸਮੱਸਿਆਵਾਂ ਸਬੰਧੀ ਵੀ ਵਿਸਤਾਰ ਸਹਿਤ ਜਾਣਕਾਰੀ ਹੋਣੀ ਜਰੂਰੀ ਹੈ ਅਤੇ ਸੰਸਥਾ ਨੇ ਇਹ ਬੀੜਾ ਦੇਸ਼ ਵਿੱਚ ਹੋ ਰਹੀਆਂ ਦੁਰਘਟਨਾਵਾਂ ਨੂੰ ਵੇਖਦੇ ਹੋਏ ਹੀ ਚੁੱਕਿਆ ਹੈ। ਉਨ੍ਹਾਂ ਸਮੂਹ ਸਮਾਜ ਸੇਵੀ ਸੰਸਥਾਵਾਂ ਅਤੇ ਸੂਬੇ ਭਰ ਦੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਸੰਸਥਾ ਨਾਲ ਜੁੜਨ ਅਤੇ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਦੇ ਨਾਲ ਨਾਲ ਹਰ ਨਾਗਰਿਕ ਨੂੰ ਇਸ ਸਬੰਧੀ ਜਾਗਰੂਕ ਕਰਨ। ਇਸ ਮੌਕੇ ਤੇ ਰਾਜਵਿੰਦਰ ਸਿੰਘ, ਪਰਮਜੀਤ ਸਿੰਘ ਬੇਦੀ, ਜਗਦੀਸ਼ ਸਿੰਘ, ਅਮਿਤ ਸ਼ਰਮਾ, ਜਨਕ ਰਾਜ ਗਗਰ, ਬਲਵਿੰਦਰ ਸਿੰਘ ਬੇਦੀ, ਐਸਪੀ ਸਿੰਘ, ਰਾਜਵਿੰਦਰ ਕੌਰ, ਹਰਪ੍ਰੀਤ ਕੌਰ, ਅਮਨਦੀਪ ਕੌਰ, ਪ੍ਰਿਤਪਾਲ ਸਿੰਘ ਛਾਬੜਾ, ਰਾਜਨ ਬਾਂਸਲ, ਰਾਜੇਸ਼ ਮਲਹੌਤਰਾ, ਸਿੰਮੀ ਕਪੂਰ ਤੇ ਹੋਰ ਵੀ ਸ਼ਾਮਲ ਸਨ।