ਜਗਰਾਉੰ-10-ਜੁਲਾਈ ( ਨਾਗੀ )ਲੈੰਡ ਪੂਲਿੰਗ ਪਾਲਿਸੀ ਖਿਲਾਫ਼ ਸੰਘਰਸ਼ ਦੀ ਅਗਵਾਈ ਕਰ ਰਹੇ ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ ਖਿਲਾਫ਼ ਸੱਤਾਧਾਰੀ ਧਿਰ ਵਲੋਂ ਦਰਜ਼ ਕੀਤੇ ਮਾਮਲੇ ਨੂੰ ਲੈ ਕੇ ਲੋਕ ਰੋਹ ਭਖਦਾ ਜਾ ਰਿਹਾ ਹੈ।ਇਸ ਸਬੰਧੀ ਅੱਜ ਸ਼੍ਰੋਮਣੀ ਅਕਾਲੀ ਦਲ ਵਲੋਂ ਸਾਬਕਾ ਵਿਧਾਇਕ ਅਤੇ ਕੋਰ ਕਮੇਟੀ ਮੈਂਬਰ ਐਸ ਆਰ ਕਲੇਰ ਦੀ ਅਗਵਾਈ ਹੇਠ ਇਕ ਵਫ਼ਦ ਸਮੇਤ ਦੀਦਾਰ ਸਿੰਘ ਮਲਕ ਦੇ ਪਿਤਾ ਸ ਮਨਜੀਤ ਸਿੰਘ ਮਲਕ ਐਸ ਐਸ ਪੀ ਜਗਰਾਉੰ ਨੂੰ ਮਿਲਿਆ। ਇਸ ਵਫਦ ਵਿਚ ਸ੍ਰੀ ਕਲੇਰ ਸਮੇਤ ਹਾਜ਼ਰ ਆਗੂਆਂ ਨੇ ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ ਖਿਲਾਫ਼ ਦਰਜ਼ ਕੀਤੇ ਮਾਮਲੇ 'ਤੇ ਸਖਤ ਇਤਰਾਜ਼ ਜਿਤਾਇਆ ਹੈ। ਸ੍ਰੀ ਐਸ ਆਰ ਕਲੇਰ , ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ ਤੇ ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਮੱਲ੍ਹਾ ਨੇ ਆਖਿਆ ਕਿ ਦੀਦਾਰ ਸਿੰਘ ਮਲਕ 'ਤੇ ਸਿਆਸੀ ਸਹਿ ਹੇਠ ਦਰਜ ਕੀਤਾ ਮਾਮਲਾ ਸਰਾਸਰ ਝੂਠਾ ਤੇ ਤੱਥਹੀਣ ਹੈ।ਇਸ ਮੌਕੇ ਉਨ੍ਹਾਂ ਆਖਿਆ ਕਿ ਦੀਦਾਰ ਸਿੰਘ ਮਲਕ ਸ਼੍ਰੋਮਣੀ ਅਕਾਲੀ ਦਲ ਦੇ ਵਫਾਦਾਰ ਸਿਪਾਹੀ ਹਨ ਤੇ ਸਿਰੋਮਣੀ ਅਕਾਲੀ ਦਲ ਆਪਣੇ ਜੁਝਾਰੂ ਆਗੂ ਨਾਲ ਚਟਾਨ ਵਾਂਗ ਖੜ੍ਹਾ ਹੈ।ਇਸ ਮੌਕੇ ਉਨ੍ਹਾਂ ਕਿਹਾ ਕਿ ਦੀਦਾਰ ਸਿੰਘ ਮਲਕ ਨੇ ਸ਼੍ਰੋਮਣੀ ਅਕਾਲੀ ਦਲ ਦੀ ਵਿਚਾਰਧਾਰਾ ਦੇ ਚਲਦਿਆਂ ਕਿਸਾਨਾਂ ਦੇ ਹੱਕ 'ਚ ਜੋਰਦਾਰ ਅਵਾਜ਼ ਬੁਲੰਦ ਕੀਤੀ ਹੈ ਤੇ ਇਸ ਸੰਘਰਸ਼ ਦੀ ਅਗਵਾਈ ਕਰਕੇ ਕੁੰਬਕਰਨੀ ਨੀਂਦ ਸੁੱਤੀ ਸਰਕਾਰ ਨੂੰ ਹਲੂਣਿਆ ਹੈ। ਉਨ੍ਹਾਂ ਆਖਿਆ ਕਿ ਹਲੂਣੇ ਨਾਲ ਕਿਸਾਨੀ ਖੇਮੇ ਅੰਦਰ ਜਾਗਰੂਕਤਾ ਆਈ ਹੈ ਤੇ ਹਕੂਮਤ ਵਿਰੁੱਧ ਉੱਠੀ ਅਵਾਜ਼ ਲੋਕ ਲਹਿਰ ਬਣਕੇ ਉੱਭਰੀ ਹੈ। ਆਗੂਆਂ ਨੇ ਆਖਿਆ ਕਿ ਬੁਖਲਾਹਟ ਵਿਚ ਆਕੇ ਦਰਜ਼ ਕੀਤੇ ਪਰਚਿਆਂ ਨਾਲ ਲੋਕਾਂ ਦੀ ਅਵਾਜ਼ ਦਬਣ ਵਾਲੀ ਨਹੀ ਸਗੋਂ ਇਹ ਚੰਗਿਆੜੀ ਭਾਂਬੜ ਬਣਕੇ ਉੱਭਰੇਗੀ।ਇਸ ਮੌਕੇ ਸ੍ਰੀ ਕਲੇਰ ਨੇ ਦੱਸਿਆ ਕਿ ਐਸ ਐਸ ਪੀ ਜਗਰਾਓਂ ਵਲੋਂ ਉਨ੍ਹਾਂ ਨੂੰ ਇਸ ਪਰਚੇ ਦੀ ਜਾਂਚ ਕਰਨ ਲਈ 7 ਦਿਨ ਦਾ ਸਮਾਂ ਦਿੱਤਾ ਹੈ। ਉਨ੍ਹਾਂ ਆਖਿਆ ਕਿ ਜੇਕਰ 7 ਦਿਨ ਦੇ ਅੰਦਰ ਪੁਲਿਸ ਵਲੋਂ ਦਰਜ ਕੀਤਾ ਇਹ ਝੂਠਾ ਪਰਚਾ ਖਾਰਿਜ ਨਾਂ ਕੀਤਾ ਤਾਂ ਵੱਡੇ ਸ਼ੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ। ਇਸ ਮੌਕੇ ਸੀਨੀਅਰ ਅਕਾਲੀ ਆਗੂ ਸ. ਦੀਪਇੰਦਰ ਸਿੰਘ ਭੰਡਾਰੀ, ਸੁਖਦੇਵ ਸਿੰਘ ਢਿੱਲੋਂ ਮਲਕ, ਜਗਜੀਤ ਸਿੰਘ ਡੱਲਾ ਤੇ ਹੋਰ ਹਾਜ਼ਰ।
Thursday, 10 July 2025
Home
ਸ੍ਰੋਮਣੀ ਅਕਾਲੀ ਦਲ ਬਾਦਲ
ਚੇਅਰਮੈਨ ਮਲਕ 'ਤੇ ਦਰਜ਼ ਪਰਚਾ ਖਾਰਿਜ ਨਾਂ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ ਲਵੇਗਾ ਵੱਡਾ ਐਕਸ਼ਨ: ਕਲੇਰ

