ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦਾ ਭਾਰਤੀ ਕਿਸਾਨ ਯੂਨੀਅਨ ਲਾਖੋਵਾਲ ਨੇ ਕੀਤਾ ਵਿਰੋਧ
ਲੁਧਿਆਣਾ-10-ਜੁਲਾਈ( ਖਾਲਸਾ) ਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਪੰਜਾਬ ਤੇ ਕਿਸਾਨਾਂ ਦੇ ਭਲੇ ਲਈ ਲੈਂਡ ਪੂਲਿੰਗ ਦਾ ਨੋਟੀਫਿਕੇਸ਼ਨ ਤੁਰੰਤ ਰੱਦ ਕਰੇ ਤਾਂ ਜੁ ਕਿਸਾਨਾਂ ਨੂੰ ਤਬਾਹੀ ਤੋਂ ਬਚਾਇਆ ਜਾ ਸਕੇ।ਯੂਨੀਅਨ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਦੀ ਪ੍ਰਧਾਨਗੀ ਹੇਠ ਯੂਨੀਅਨ ਦੇ ਮੁੱਖ ਦਫ਼ਤਰ ਵਿੱਚ ਹੋਈ ਮੀਟਿੰਗ ਦੌਰਾਨ ਕੀਤੇ ਗਏ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਅਵਤਾਰ ਸਿੰਘ ਮੇਹਲੋਂ ਸਰਪਰਸਤ ਤੇ ਹਰਿੰਦਰ ਸਿੰਘ ਲੱਖੋਵਾਲ ਪ੍ਰਧਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਪੰਜਾਬ ਦੇ ਕਿਸਾਨਾਂ ਦੇ ਉਜਾੜੇ ਦਾ ਕਾਰਨ ਬਣਨ ਵਾਲੇ ਨਵੇਂ ਲੈਂਡ ਪੂਲਿੰਗ ਨੀਤੀ ਦਾ ਨੋਟੀਫਿਕੇਸ਼ਨ ਤੁਰੰਤ ਰੱਦ ਕਰੇ ਨਹੀਂ ਤਾਂ ਇਸ ਨਵੀਂ ਨੀਤੀ ਦੇ ਵਿਰੁੱਧ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵੱਲੋਂ ਵੱਡੀ ਲੜਾਈ ਲੜੀ ਜਾਵੇਗੀ ਅਤੇ ਕਿਸੇ ਵੀ ਸੂਰਤ ਵਿੱਚ ਲੈਂਡ ਪੂਲਿੰਗ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿਛਲੇ 20 ਸਾਲਾਂ ਤੋਂ ਸ਼ਹਿਰਾਂ ਵਿੱਚ ਜਿਹੜੀਆਂ ਕਲੋਨੀਆਂ ਕੱਟੀਆਂ ਗਈਆਂ ਹਨ ਉਹ ਤਾਂ ਅਜੇ ਤੱਕ ਡਿਵੈਲਪ ਨਹੀਂ ਹੋਈਆਂ। ਉਨ੍ਹਾਂ ਵਿਚਲੇ ਪਲਾਟ ਤਾਂ ਵਿਕ ਨਹੀਂ ਰਹੇ ਤੇ ਹਜ਼ਾਰਾਂ ਏਕੜ ਜਮੀਨ ਕਿਵੇਂ ਵਿਕੇਗੀ? ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਖੇਤੀਬਾੜੀ ਜ਼ਮੀਨ ਛੱਡ ਕੇ ਨਵੀਂ ਬੇਅਬਾਦ ਜਗ੍ਹਾ ਉੱਪਰ ਇਹੋ ਜਿਹੇ ਹੋਰ ਪ੍ਰਜੈਕਟ ਲਗਾਵੇ ਜਾਂ ਕਿਸਾਨ ਦੀ ਮਰਜ਼ੀ ਅਨੁਸਾਰ ਉਸ ਨੂੰ ਜ਼ਮੀਨ ਬਦਲੇ ਜ਼ਮੀਨ ਜਾਂ ਮਾਰਕੀਟ ਰੇਟ ਦੇ ਹਿਸਾਬ ਨਾਲ ਜ਼ਮੀਨ ਦਾ ਮੁਆਵਜ਼ਾ ਦਿੱਤਾ ਜਾਵੇ।ਸ: ਲੱਖੋਵਾਲ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਵੱਲੋਂ ਕੀਤੇ ਗਏ ਫ਼ੈਸਲੇ ਤਹਿਤ ਸਰਕਾਰ ਦੀ ਇਸ ਕਿਸਾਨ ਮਾਰੂ ਨੀਤੀ ਵਿਰੁੱਧ 18 ਜੁਲਾਈ ਨੂੰ ਚੰਡੀਗੜ੍ਹ ਵਿੱਖੇ ਸਾਰੀਆਂ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਤੇ 30 ਜੁਲਾਈ ਨੂੰ ਲੈਂਡ ਪੂਲਿੰਗ ਲਾਗੂ ਕਰਨ ਵਾਲੇ ਪਿੰਡਾਂ ਵਿੱਚ ਝੰਡੇ ਮਾਰਚ ਤੇ ਟਰੈਕਟਰ ਮਾਰਚ ਕੀਤੇ ਜਾਣਗੇ। ਇਸਤੋਂ ਬਾਅਦ 24 ਅਗਸਤ ਨੂੰ ਮੰਡੀ ਮੁੱਲਾਪੁਰ ਨੇੜੇ ਜਗਰਾਉਂ ਵਿੱਖੇ ਇੱਕ ਵੱਡੀ ਰੈਲੀ ਕੀਤੀ ਜਾ ਰਹੀ ਹੈ ਜਿਸ ਦੀਆਂ ਤਿਆਰੀਆਂ ਹੁਣੇ ਤੋਂ ਹੀ ਕੀਤੀਆਂ ਜਾ ਰਹੀਆਂ ਹਨ।ਮੀਟਿੰਗ ਦੌਰਾਨ ਪਰਸ਼ੋਤਮ ਸਿੰਘ ਗਿੱਲ ਤੇ ਹਰਮਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਕਿ ਭਾਰਤ ਸਰਕਾਰ ਅਮਰੀਕਾ ਨਾਲ ਫ਼ਰੀ ਟਰੇਡ ਐਗਰੀਮੈਂਟ ਤੇ ਰੋਕ ਲਗਾਵੇ ਕਿਉਂਕਿ ਇਸ ਨਾਲ ਖੇਤੀਬਾੜੀ ਤੇ ਡੇਅਰੀ ਸੈਕਟਰ ਪੂਰੀ ਤਰ੍ਹਾਂ ਨਾਲ ਤਬਾਹ ਹੋ ਜਾਣਗੇ।ਮੀਟਿੰਗ ਨੂੰ ਸੰਬੋਧਨ ਕਰਦਿਆਂ ਪਰਮਿੰਦਰ ਸਿੰਘ ਪਾਲਮਾਜ਼ਰਾ ਤੇ ਨਿਰਮਲ ਸਿੰਘ ਝੂੰਡੂਕੇ ਨੇ ਕਿਹਾ ਕਿ ਸਰਕਾਰ ਜਲਦੀ ਤੋਂ ਜਲਦੀ ਪੂਰੀ ਮਾਤਰਾ ਵਿੱਚ ਨਹਿਰੀ ਪਾਣੀ ਅਤੇ ਬਿਜਲੀ ਕਿਸਾਨਾਂ ਨੂੰ ਦੇਵੇ ਅਤੇ ਗੰਨੇ ਦੀ ਫ਼ਸਲ ਦੀ ਸਬਸਿਡੀ 61 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕਿਸਾਨਾਂ ਦੇ ਖਾਤਿਆਂ ਵਿੱਚ ਪਾਈ ਜਾਵੇ। ਸਰਕਾਰ ਨਕਲੀ ਡੀਏਪੀ ਖਾਦ ਅਤੇ ਕੀੜੇਮਾਰ ਦਵਾਈਆਂ ਦਾ ਵਪਾਰ ਕਰਨ ਵਾਲੇ ਲੋਕਾਂ ਤੇ ਵੀ ਸਖ਼ਤ ਕਾਰਵਾਈ ਕਰੇ।ਇਸ ਮੌਕੇ ਸਿਮਰਨਜੀਤ ਸਿੰਘ ਘੁੱਦੂਵਾਲਾ ਤੇ ਬਲਦੇਵ ਸਿੰਘ ਪੂਨੀਆਂ ਨੇ ਕਿਸਾਨਾਂ ਦੇ ਡੇਅਰੀ ਸਹਾਇਕ ਧੰਦੇ ਨੂੰ ਬਚਾਉਣ ਲਈ ਨਕਲੀ ਦੁੱਧ ਬਣਾਉਣ ਵਾਲਿਆਂ ਤੇ ਨਕੇਲ ਕੱਸਣ ਦੀ ਮੰਗ ਕਰਦਿਆਂ ਅਵਾਰਾ ਤੇ ਪਾਲਤੂ ਪਸ਼ੂਆਂ ਦੀ ਸਮੱਸਿਆਂ ਵੱਲ ਵੀ ਧਿਆਨ ਦੇਣ ਦੀ ਮੰਗ ਕੀਤੀ।
