ਫਰੰਟ ਵੱਲੋਂ ਇਹ ਵੀ ਚੇਤਾਵਨੀ ਦਿੱਤੀ ਗਈ ਕਿ ਇਹ ਉਨ੍ਹਾਂ ਦੀ ਰੋਜ਼ੀ-ਰੋਟੀ ਦੀ ਲੜਾਈ ਹੈ, ਜਿਸ ਲਈ ਉਹ ਆਖਰੀ ਸਾਹ ਤੱਕ ਲੜਨਗੇ।
ਲੁਧਿਆਣਾ-18-ਜੁਲਾਈ( ਨਾਗੀ )ਪੰਜਾਬ ਦੇ ਵੱਖ-ਵੱਖ ਸਰਕਾਰੀ ਕਾਲਜਾਂ ਵਿੱਚ ਕੰਮ ਕਰ ਰਹੇ 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫਰੰਟ ਦੇ ਬੈਨਰ ਹੇਠ ਪੰਜਾਬ ਭਰ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਹ ਧਰਨਾ ਹਾਲ ਹੀ ਵਿੱਚ ਮਾਨਯੋਗ ਸਰਵੋਚ ਅਦਾਲਤ, ਨਵੀਂ ਦਿੱਲੀ ਵੱਲੋਂ 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਦੀ ਭਰਤੀ ਰੱਦ ਕਰਨ ਦੇ ਫੈਸਲੇ ਦੇ ਸੰਬੰਧ ਵਿੱਚ ਕੀਤਾ ਗਿਆ। ਧਰਨੇ ਦੌਰਾਨ ਪ੍ਰਭਾਵਿਤ ਪ੍ਰੋਫੈਸਰ ਅਤੇ ਲਾਇਬ੍ਰੇਰੀਆਂ ਨੇ ਕਿਹਾ ਕਿ ਇਹ ਭਰਤੀ ਪ੍ਰਕਿਰਿਆ ਵਰ੍ਹਾ 2021 ਵਿੱਚ ਸ਼ੁਰੂ ਹੋਈ ਸੀ, ਜਿਸ ਵਿੱਚ ਯੂਜੀਸੀ ਦੇ ਮਾਪਦੰਡਾਂ ਅਨੁਸਾਰ ਯੋਗ ਉਮੀਦਵਾਰਾਂ ਨੇ ਲਿਖਤੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਮੇਰਿਟ ਅਧਾਰ 'ਤੇ ਚੋਣ ਪ੍ਰਾਪਤ ਕੀਤੀ ਸੀ। ਲਗਭਗ ਢਾਈ ਦਹਾਕਿਆਂ ਬਾਅਦ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਦੀ ਭਰਤੀ ਹੋਈ। 21ਵੀਂ ਸਦੀ ਵਿੱਚ ਪਹਿਲੀ ਵਾਰ ਇਹ ਭਰਤੀ ਸੁਚੱਜੇ ਢੰਗ ਨਾਲ ਹੋਈ ਜਿਸ ਵਿੱਚ ਭਰਤੀ ਦੀ ਪੂਰੀ ਪ੍ਰਕਿਰਿਆ ਦੌਰਾਨ ਕਿਸੇ ਵੀ ਕਿਸਮ ਦੇ ਭ੍ਰਿਸ਼ਟਾਚਾਰ ਜਾਂ ਭਾਈ-ਭਤੀਜਾਵਾਦ ਦੇ ਦੋਸ਼ ਨਹੀਂ ਲਗੇ। ਇਸ ਨਾਲ ਪੰਜਾਬ ਦੀ ਉੱਚਤਰ ਸਿੱਖਿਆ ਵਿਵਸਥਾ ਵਿੱਚ ਨਵੀਂ ਉਮੀਦ ਅਤੇ ਭਰੋਸਾ ਜਾਗਿਆ ਸੀ। ਵਿਦਿਆਰਥੀਆਂ ਨੇ ਵੀ ਸਰਕਾਰੀ ਕਾਲਜਾਂ ਵੱਲ ਧਿਆਨ ਦੇਣਾ ਸ਼ੁਰੂ ਕੀਤਾ, ਜਿਸ ਨਾਲ ਨਿੱਜੀ ਸੰਸਥਾਵਾਂ ਵੱਲੋਂ ਹੋਣ ਵਾਲੇ ਆਰਥਿਕ ਸ਼ੋਸ਼ਣ 'ਤੇ ਵੀ ਰੋਕ ਲੱਗੀ। ਪਰੰਤੂ ਫੈਸਲੇ ਅਨੁਸਾਰ ਵਿਭਾਗੀ ਗਲਤੀਆਂ ਕਾਰਨ ਸਰਵੋਚ ਨਿਆਂਲੈ ਵੱਲੋਂ ਭਰਤੀ ਰੱਦ ਕਰਨ ਦੇ ਫੈਸਲੇ ਨੇ ਨਾ ਸਿਰਫ਼ 1158 ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਦੇ ਭਵਿੱਖ ਨੂੰ ਸੰਕਟ ਵਿੱਚ ਪਾ ਦਿੱਤਾ ਹੈ, ਸਗੋਂ ਸਾਰੇ ਪੰਜਾਬ ਦੇ ਸਰਕਾਰੀ ਕਾਲਜਾਂ ਦੀ ਸਿੱਖਿਆ ਪ੍ਰਣਾਲੀ ਨੂੰ ਮੁੜ ਖਾਲੀ ਅਸਾਮੀਆਂ ਅਤੇ ਅਕਾਦਮਿਕ ਗਿਰਾਵਟ ਵੱਲ ਧੱਕ ਦਿੱਤਾ ਹੈ ਐਸ.ਸੀ.ਡੀ. ਸਰਕਾਰੀ ਕਾਲਜ, ਲੁਧਿਆਣਾ ਦੇ ਲਗਭਗ 50 ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਨੇ ਧਰਨੇ ਵਿੱਚ ਕਿਹਾ ਕਿ ਅਸੀਂ ਤਾਂ ਸਰਕਾਰ ਵੱਲੋਂ ਨਿਯਮਤ ਤੌਰ 'ਤੇ ਮੇਰਿਟ ਅਧਾਰ 'ਤੇ ਚੁਣੇ ਗਏ ਹਾਂ, ਫਿਰ ਵਿਭਾਗੀ ਗਲਤੀਆਂ ਦੀ ਸਜ਼ਾ ਅਸੀਂ ਕਿਉਂ ਭੁਗਤੀਏ? ਇਸ ਲਈ ਉਨ੍ਹਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਏ, ਉਚਿਤ ਕਾਨੂੰਨੀ ਰਾਹ ਅਪਣਾਏ, ਆਪਣੇ ਪੱਖ ਨੂੰ ਮਜ਼ਬੂਤੀ ਨਾਲ ਸਰਵੋਚ ਨਿਆਂਲੈ 'ਚ ਰੱਖੇ ਅਤੇ ਪੁਨਰਵਿਚਾਰ ਯਾਚਿਕਾ ਦਾਖਲ ਕਰੇ, ਤਾਂ ਜੋ ਨਾ ਸਿਰਫ਼ ਸਾਡੇ ਭਵਿੱਖ ਨੂੰ ਬਚਾਇਆ ਜਾ ਸਕੇ, ਸਗੋਂ ਪੰਜਾਬ ਦੀ ਉੱਚਤਰ ਸਿੱਖਿਆ ਪ੍ਰਣਾਲੀ ਨੂੰ ਵੀ ਨਵਾਂ ਜੀਵਨ ਮਿਲ ਸਕੇ। ਫਰੰਟ ਨੇ ਸਪਸ਼ਟ ਕੀਤਾ ਕਿ ਇਹ ਆੰਦੋਲਨ ਸਿਰਫ 1158 ਅਧਿਆਪਕਾਂ ਦੀ ਲੜਾਈ ਨਹੀਂ, ਬਲਕਿ ਪੰਜਾਬ ਦੇ ਲੱਖਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੀ ਸਿੱਖਿਆ ਪ੍ਰਣਾਲੀ ਨਾਲ ਜੁੜਿਆ ਮੁੱਦਾ ਹੈ, ਜੋ ਇਸ ਫੈਸਲੇ ਕਾਰਨ ਪ੍ਰਭਾਵਿਤ ਹੋ ਰਹੀ ਹੈ। ਫਰੰਟ ਵੱਲੋਂ ਇਹ ਵੀ ਚੇਤਾਵਨੀ ਦਿੱਤੀ ਗਈ ਕਿ ਇਹ ਉਨ੍ਹਾਂ ਦੀ ਰੋਜ਼ੀ-ਰੋਟੀ ਦੀ ਲੜਾਈ ਹੈ, ਜਿਸ ਲਈ ਉਹ ਆਖਰੀ ਸਾਹ ਤੱਕ ਲੜਨਗੇ।
